12.5.09

ਗ਼ਜ਼ਲ: ਮੈਂ ਸ਼ੀਸ਼ਾ ਹਾਂ---

ਜਗਤਾਰ
ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇਂ ਮੁਸਕਰਾਵਾਂਗਾ।
ਜ਼ਰਾ ਮੱਥੇ 'ਤੇ ਵਟ ਵੇਖੇ, ਉਥਾਂਈਂ ਤਿੜਕ ਜਾਵਾਂਗਾ।

ਮੈਂ ਸੁਣਿਆ ਹੈ ਕਿ ਤੇਰੇ ਸ਼ਹਿਰ ਅਜ ਕਲ੍ਹ ਕਰਫ਼ਿਓ ਲੱਗੈ,
ਨਤੀਜਾ ਕੁਝ ਵੀ ਨਿਕਲੇ, ਪਰ ਮੈਂ ਆਵਾਂਗਾ ਮੈਂ ਆਵਾਂਗਾ।

ਜੇ ਬਣ ਕੇ ਬਿਰਖ ਤੂੰ ਉੱਗੀ ਤਾਂ ਤੇਥੋਂ ਜਰ ਨਹੀਂ ਹੋਣਾ,
ਜਾਂ ਬਿਜੜਾ ਬਣ ਕੇ ਤੇਰੀ ਹਰ ਲਗਰ ਤੇ ਘਰ ਬਣਾਵਾਂਗਾ।

ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ,
ਤਿਰੇ ਵਿਹੜੇ, ਕਦੇ ਝਿੰਮਣੀ ਤਿਰੀ ਤੇ ਝਿਲਮਿਲਾਵਾਂਗਾ।

ਮਿਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ,
ਲਿਜਾ ਕੇ ਰਾਤ ਦੀ ਰਾਣੀ ਮੈਂ ਕਿਸ ਵਿਹੜੇ 'ਚ ਲਾਵਾਂਗਾ।

ਉਡੀਕਾਂ ਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ,
ਕਹੇਗੀ ਫਜਰ ਕੀ ਜਦ ਹਾਰ ਕੇ ਦੀਵੇ ਬੁਝਾਵਾਂਗਾ।

ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ,
ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ।

ਮੁਹੱਬਤ ਨਾਲ ਜਦ 'ਜਗਤਾਰ' ਨੂੰ ਸਦਿਆ ਬੁਲਾਇਆ ਤੂੰ,
ਹਵਾ ਰੁਮਕਣ ਤੇ ਅੱਖ ਝਮਕਣ ਤੋਂ ਪਹਿਲਾਂ ਪਹੁੰਚ ਜਾਵਾਂਗਾ।

'ਮੇਰੇ ਅੰਦਰ ਇਕ ਸਮੁੰਦਰ' ਚੋਂ

2.7.08

ਗ਼ਜ਼ਲ- ਉੱਤੋਂ ਉੱਤੋਂ...

ਉਲਫ਼ਤ ਬਾਜਵਾ
ਕਰਦਾ ਹੈ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ।
ਕਰਦਾ ਹੈ ਰਬ ਵੀ ਇਸ ਤੇ ਇਤਬਾਰ ਉੱਤੋਂ ਉੱਤੋਂ।

ਪਾਉਂਦੇ ਨੇ ਫੁੱਟ ਘਰ ਘਰ ਇਹ ਚਾਲਬਾਜ਼ ਲੀਡਰ
ਕਰਦੇ ਨੇ ਏਕਤਾ ਦਾ ਪਰਚਾਰ ਉੱਤੋਂ ਉੱਤੋਂ।

ਰਿਸ਼ਵਤ ਮਿਲੇ ਤਾਂ ਲਈਏ ਇਮਾਨਦਾਰ ਬਣ ਕੇ
ਸਿਰ ਫੇਰ ਫੇਰ ਕਰੀਏ ਇਨਕਾਰ ਉੱਤੋਂ ਉੱਤੋਂ।

ਚੜ੍ਹਿਆ ਹੈ ਤਾਪ ਸਾਨੂੰ ਇਹ ਮਾਰਦੀ ਏ ਹੂੰਗਾ
ਕਰਦੀ ਕਰਦੀ ਏ ਹਾਏ ਹਾਏ ਸਰਕਾਰ ਉੱਤੋਂ ਉੱਤੋਂ।

ਚੰਗਾ ਸੀ ਸਾਧ ਬਣਦੇ ਤੇ ਖ਼ੂਬ ਮੌਜਾਂ ਲੁਟਦੇ
ਨਾਲੇ ਤਿਆਗ ਛਡਦੇ ਸੰਸਾਰ ਉੱਤੋਂ ਉੱਤੋਂ।

ਜ਼ਰਦਾਰ ਹੋ ਕੇ ਕਰੀਏ ਮਜ਼ਦੂਰ ਦੀ ਵਕਾਲਤ
ਮਿਹਨਤਕਸ਼ਾਂ ਦੇ ਬਣੀਏ ਗ਼ਮਖਾਰ ਉੱਤੋਂ ਉੱਤੋਂ।

ਮਹਿਲਾਂ 'ਚ ਬਹਿ ਕੇ ਲਿਖੀਏ ਝੁਗੀਆਂ ਦਾ ਹਾਲ 'ਉਲਫ਼ਤ'
ਭੁਖ ਮਾਰਿਆਂ ਦੇ ਜਾਈਏ ਬਲਿਹਾਰ ਉੱਤੋਂ ਉੱਤੋਂ।
-----------------------------------
'ਸਾਰਾ ਜਹਾਨ ਮੇਰਾ' ਉਲਫ਼ਤ ਬਾਜਵਾ ਕਿਤਾਬ ਵਿੱਚੋਂ

1.7.08

ਕਵਿਤਾ-ਵਾਹ ਸਜਣ......

ਅੰਮ੍ਰਿਤਾ ਪ੍ਰੀਤਮ

ਸੱਚ ਤੂੰ -ਸੁਪਨਾ ਵੀ ਤੂ
ਗ਼ੈਰ ਤੂੰ -ਅਪਣਾ ਵੀ ਤੂੰ

ਵਾਹ ਸਜਣ ..ਵਾਹ ਸਜਣ


ਖੁਦਾ ਦਾ ਇਕ ਅੰਦਾਜ਼ ਤੂੰ

ਅਤੇ ਫਜ੍ਰ ਦੀ ਨਮਾਜ਼ ਤੂ
ਜੱਗ ਦਾ ਇਨਕਾਰ ਤੂੰ

ਅਤੇ ਅਜਲ ਦਾ ਇਕਰਾਰ ਤੂ

ਵਾਹ ਸਜਣ ..ਵਾਹ ਸਜਣ
!

ਫਾਨੀ ਹੁਸਨ ਦਾ ਨਾਜ਼ ਤੂ

ਰੂਹ ਦੀ ਇਕ ਆਵਾਜ਼ ਤੂ

ਜੋਗ ਦੀ ਇਕ ਰਾਹ ਵੀ ਤੂ

ਇਸ਼ਕ ਦੀ ਦਰਗਾਹ ਵੀ ਤੂ

ਵਾਹ ਸਜਣ ..ਵਾਹ ਸਜਣ
!

ਆਸ਼ਕ ਦੀ ਇਕ ਸਦਾ ਵੀ ਤੂ

ਅੱਲਾਹ ਦੀ ਇਕ ਰਜ਼ਾ ਵੀ ਤੂ

ਇਹ ਸਾਰੀ ਕਾਇਨਾਤ ਤੂ

ਖੁਦਾ ਦੀ ਮੁਲਾਕਾਤ ਤੂ

ਵਾਹ ਸਜਣ ...ਵਾਹ ਸਜਣ !!

8.6.08

ਗ਼ਜ਼ਲ-ਤੇਰੀ ਦਿਲਕਸ਼ ਅਦਾ....

ਉਲਫ਼ਤ ਬਾਜਵਾ
ਤੇਰੀ ਦਿਲਕਸ਼ ਅਦਾ ਨੇ ਮਾਰ ਲਿਆ।
ਮੌਤੋਂ ਪਹਿਲਾਂ ਕਜ਼ਾ ਨੇ ਮਾਰ ਲਿਆ।
ਗ਼ੈਰ ਨੂੰ ਮੁਸਕਰਾ ਕੇ ਮਿਲਦਾ ਹੈ,
ਹਸਮੁਖੇ ਦਿਲਰੁਬਾ ਨੇ ਮਾਰ ਲਿਆ।
ਯਾਦ ਸਾਕੀ ਨੂੰ ਕਰ ਕੇ ਰੋਂਦੇ ਹਾਂ,
ਸਾਨੂੰ ਕਾਲ਼ੀ ਘਟਾ ਨੇ ਮਾਰ ਲਿਆ।
ਚੰਨ ਮੁਖ ਤੇ ਨਿਕਾਬ ਰਖਦਾ ਹੈ,
ਸੰਗ ਦਿਲ ਦੀ ਹਯਾ ਨੇ ਮਾਰ ਲਿਆ।
ਕਾਹਤੋਂ ਕਹੀਏ ਸ਼ਬਾਬ ਨੂੰ ਕਾਤਿਲ,
ਸਾਨੂੰ ਦਿਲ ਦੀ ਖ਼ਤਾ ਨੇ ਮਾਰ ਲਿਆ।
ਪਾਰ ਲਾਇਆ ਨਾ ਡੋਬਿਆ ਸਾਨੂੰ,
ਹੁਸਨ ਦੇ ਨਾਖ਼ੁਦਾ ਨੇ ਮਾਰ ਲਿਆ।
ਸ਼ਰਮ ਆਉਂਦੀ ਹੈ ਦਸਦਿਆਂ 'ਉਲਫ਼ਤ',
ਹਮਸਫਰ ਬੇਵਫ਼ਾ ਨੇ ਮਾਰ ਲਿਆ।
-------------------------
'ਸ਼ਬਦਾਂ ਦੇ ਸ਼ੀਸ਼ੇ' (ਚੋਣਵੀਂ ਪੰਜਾਬੀ ਗ਼ਜ਼ਲ) ਵਿੱਚੋਂ

25.5.08

ਗ਼ਜ਼ਲ-ਵਸੀਅਤ....

ਸੰਤ ਰਾਮ ਉਦਾਸੀ

ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ।

ਮੇਰੀ ਵੀ ਜ਼ਿੰਦਗੀ ਕੀ? ਬੱਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ ਤੀਲ੍ਹੀ ਬੇਸ਼ੱਕ ਨਾ ਲਾਇਓ।

ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਜਦ ਢਲ਼ੇਗਾ ਸੂਰਜ, ਕਣ ਕਣ ਮੇਰਾ ਜਲਾਇਓ।

ਵਲਗਣ 'ਚ ਕੈਦ ਹੋਣਾ ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ 'ਤੇ ਹੀ ਜਲਾਇਓ।

ਜੀਵਨ ਤੋਂ ਮੌਤ ਤਾਂਈ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ।
-------------------------------------
'ਜੀਵਨ ਅਤੇ ਸਮੁੱਚੀ ਰਚਨਾ' ਵਿੱਚੋਂ

14.5.08

ਗੀਤ-ਸਵਰਗਾਂ ਦਾ ਲਾਰਾ...

ਨੰਦ ਲਾਲ ਨੂਰਪੁਰੀ
(ਮਈ ਦਾ ਇਹ ਮਹੀਨਾ ਇਕ ਤੌਰ ਤੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲਿਆਂ ਲਈ ਮਨਹੂਸ ਗਿਣਿਆ ਜਾ ਸਕਦਾ ਹੈ ਕਿਉਂਕਿ ੦੭ ਮਈ ੧੯੭੩ ਵਾਲੇ ਦਿਨ ਪੰਜਾਬੀ ਦੇ ਨਾਮਵਰ ਬਿਰਹਾ ਦੇ ਕਵੀ ਸ਼ਿਵ ਬਟਾਲਵੀ ਦੀ ਮੌਤ ਹੋਈ ਸੀ ਅਤੇ ੧੩ ਮਈ ੧੯੬੬ ਵਿੱਚ ਨੰਦਲਾਲ ਨੂਰਪੁਰੀ ਪੰਜਾਬੀ ਮਾਂ ਬੋਲੀ ਦੇ ਦੇਸ਼ ਵਿੱਚ ਹੀ ਆਪਣਾ ਅੰਤ ਇਕ ਖੂਹ ਵਿੱਚ ਛਾਲ ਮਰ ਕੇ ਕਰ ਗਏ ਸਨ। ਨੰਦ ਲਾਲ ਨੂਰਪੁਰੀ ਸਾਹਿਬ ਦੀ ਅਤੇ ਸ਼ਿਵ ਬਟਾਲਵੀ ਦੀ ਸੰਖੇਪ ਜੀਵਨੀ ਪੜ੍ਹਨ ਲਈ ਤੁਸੀ ਗੀਤ ਤੋਂ ਬਾਅਦ ਦਿੱਤੇ ਲਿੰਕਾਂ ਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਨੰਦ ਲਾਲ ਨੂਰਪੁਰੀ ਦਾ ਇਹ ਗੀਤ ਦੋਵਾਂ ਮਹਾਨ ਸ਼ਾਇਰਾਂ ਦੀ ਬਰਸੀ ਤੇ ਸ਼ਰਧਾਂਜਲੀ ਵਜੋਂ ਹਾਜ਼ਰ ਹੈ-ਕਮਲ ਕੰਗ)
ਸਵਰਗਾਂ ਦਾ ਲਾਰਾ

ਨਾ ਦੇ ਇਹ ਸਵਰਗਾਂ ਦਾ ਲਾਰਾ
ਸਾਨੂੰ ਸਾਡਾ ਕੁਫ਼ਰ ਪਿਆਰਾ।

ਮੰਦਰ ਦੀਆਂ ਦਲ੍ਹੀਜ਼ਾਂ ਲੰਘ ਕੇ
ਮੈਂ ਕੀ ਮੱਥੇ ਟੇਕਾਂ।
ਪੱਥਰ ਦਿਲ ਭਗਵਾਨ ਦਾ ਕੀਤਾ
ਇਹ ਜੋਤ ਦਿਆਂ ਸੇਕਾਂ।

ਵੇਖਣ ਦਿਓ ਜਵਾਨੀ ਕੋਈ
ਮੈਨੂੰ ਬਹਿ ਬਹਿ ਲਾਗੇ।
ਮੇਰਾ ਰੱਬ ਲਕੋਈ ਬੈਠੇ
ਇਹ ਘੁੰਗਟ ਦੇ ਧਾਗੇ।

ਬਲਦੀ ਲਾਟ ਹੁਸਨ ਦੀ ਉੱਤੋਂ
ਜਾਂ ਉਸ ਘੁੰਡ ਸਰਕਾਇਆ।
ਲੱਖ ਨਸੀਹਤ ਕਰਦਾ ਸੀ ਜੋ
ਪਹਿਲੋਂ ਭੁੱਜਣ ਆਇਆ।

ਮਹਿੰਦੀ ਵਾਲੇ ਹੱਥ ਜਦੋਂ ਆ
ਕਰਨ ਇਸ਼ਾਰੇ ਲੱਗੇ।
ਕਾਫ਼ਰ ਸਾਰੇ ਪਿੱਛੇ ਰਹਿ ਗਏ
ਮੋਮਨ ਹੋ ਗਏ ਅੱਗੇ।

ਦੋਵੇਂ ਨੈਣ ਨਸ਼ੀਲੇ ਐਡੇ
ਕੁਲ ਦੁਨੀਆਂ ਨਸ਼ਿਆਈ।
ਮੈਨੂੰ ਮੰਜ਼ਲ ਦੀ ਹੱਦ ਮੇਰੀ
ਉੱਥੋਂ ਤੱਕ ਦਿਸ ਆਈ।

ਹੁਣ ਕੀ ਐਂਵੇ ਰਾਹਾਂ ਦੇ ਵਿੱਚ
ਖੇਹ ਉਡਾਉਣੀ ਯਾਰਾ।
ਏਹੋ ਠੀਕਰ ਠਾਕਰ ਸਾਡਾ
ਏਹੋ ਠਾਕਰ-ਦਵਾਰਾ।

ਨਾ ਦੇ ਇਹ ਸਵਰਗਾਂ ਦਾ ਲਾਰਾ
ਸਾਨੂੰ ਸਾਡਾ ਕੁਫ਼ਰ ਪਿਆਰਾ।
---------------------
'ਪੰਜਾਬ ਬੋਲਿਆ' ਵਿੱਚੋਂ
ਦੋਵਾਂ ਸ਼ਾਇਰਾਂ ਦੀ ਸੰਖੇਪ ਜੀਵਨੀ ਪੜ੍ਹਨ ਲਈ ਕਲਿੱਕ ਕਰੋ:
http://www.ajitjalandhar.com/20080513/edit4.php
http://www.tribuneindia.com/2003/20030504/spectrum/book6.htm
http://en.wikipedia.org/wiki/Shiv_Kumar_Batalvi

28.3.08

ਗ਼ਜ਼ਲ- ਦਹਿਕਦੇ ਅੰਗਿਆਰਾਂ ਤੇ....

ਪਾਸ਼
ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ।

ਨਾ ਕਤਲ ਹੋਏ, ਨਾ ਹੋਵਣਗੇ ਇਸ਼ਕ ਦੇ ਗੀਤ ਇਹ,
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ।

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ, ਹਨੇਰਾ ਪਾਉਣ ਦਾ,
ਨ੍ਹੇਰੀਆਂ ਨੂੰ ਰੋਕ ਵੀ, ਪਾਉਂਦੇ ਰਹੇ ਨੇ ਲੋਕ।

ਜ਼ਿੰਦਗੀ ਦਾ ਜਦ ਕਦੇ, ਅਪਮਾਨ ਕੀਤਾ ਹੈ ਕਿਸੇ,
ਮੌਤ ਬਣ ਕੇ ਮੌਤ ਦੀ, ਆਉਂਦੇ ਰਹੇ ਨੇ ਲੋਕ।

ਤੋੜ ਕੇ ਮਜਬੂਰੀਆਂ ਦੇ, ਸੰਗਲਾਂ ਨੂੰ ਆਦਿ ਤੋਂ,
ਜ਼ੁਲਮ ਦੇ ਗਲ ਸੰਗਲੀ, ਪਾਉਂਦੇ ਰਹੇ ਨੇ ਲੋਕ।
---------------------------------------
'ਸੰਪੂਰਨ-ਪਾਸ਼ ਕਾਵਿ' ਵਿੱਚੋਂ